ਅਨੰਦਪੁਰ ਦੇ ਕਿਲ੍ਹੇ ਦੇ ਬਾਹਰ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਸਿੰਘਾਂ ਤੇ ਮੁਗ਼ਲ ਫ਼ੌਜਾਂ ਵਿਚਕਾਰ ਕਈ ਮਹੀਨੇ ਘਮਸਾਨ ਦੀ ਲੜਾਈ ਹੁੰਦੀ ਰਹੀ। ਬਾਦਸ਼ਾਹ ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾ ਕੇ ਗੁਰੂ ਜੀ ਨੂੰ ਸੁਨੇਹਾ ਘਲਿਆ ਕਿ ਜੇ ਉਹ ਅਨੰਦਪੁਰ ਦਾ ਕਿਲ੍ਹਾ ਖ਼ਾਲੀ ਕਰ ਦੇਣ ਤਾਂ ਉਨ੍ਹਾਂ ਨੂੰ ਬਿਨਾਂ ਕਿਸੇ ਰੋਕ ਤੋਂ ਜਾਣ ਦਿੱਤਾ ਜਾਏਗਾ। ਗੁਰੂ ਜੀ ਨੂੰ ਭਾਵੇਂ ਉਹ ਔਰੰਗਜ਼ੇਬ ਦੀ ਕਸਮ ਤੇ ਇਤਬਾਰ ਨਹੀਂ ਸੀ ਪਰ ਪਰਖਣ ਲਈ ਆਪ ਨੇ ਕਿਲ੍ਹਾ ਛਡਣਾ ਪਰਵਾਨ ਕਰ ਲਿਆ। ਕਿਲ੍ਹੇ ਤੋਂ ਨਿਕਲਣ ਦੀ ਦੇਰ ਸੀ ਕਿ ਮੁਗ਼ਲ ਫੌਜਾਂ ਨੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ ਤੇ ਘਮਸਾਨ ਦੀ ਲੜਾਈ ਛਿਰ ਪਈ। ਗੁਰੂ ਜੀ ਦੀ ਫ਼ੌਜ ਨੇ ਡਟ ਕੇ ਮੁਕਾਬਲਾ ਕੀਤਾ। ਇਕ ਇਕ ਸਿੰਘ ਨੇ ਕਈ ਮੁਗ਼ਲ ਸਿਪਾਹੀਆਂ ਨੂੰ ਮਾਰ ਮੁਕਾਇਆ।
ਦੋਵੇਂ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਰਸਾ ਨਦੀ ਪਾਰ ਕਰਕੇ ਰਾਤ ਰੋਪੜ ਟਿਕੇ ਤੇ ਸਵੇਰ ਸਾਰ ਹੀ ਚਮਕੌਰ ਸਾਹਿਬ ਦੀ ਗੜ੍ਹੀ ਜਾ ਪਹੁੰਚੇ।
ਰਸਤੇ ਵਿਚ ਕਈ ਜੰਗਲੀ ਜਾਨਵਰ ਉਨ੍ਹਾਂ ਦੇ ਕੋਲੋਂ ਲੰਘੇ, ਸ਼ੇਰ ਭੀ ਦਿਖਾਏ ਦਿੱਤੇ, ਸੱਪ ਭੀ ਦਿੱਸੇ ਪਰ ਦਲੇਰ ਸਾਹਿਬਜ਼ਾਦੇ ਆਪਣੇ ਪਿਆਰੇ ਦਾਦੀ ਜੀ ਦੇ ਨਾਲ ਬਾਣੀ ਦਾ ਪਾਠ ਕਰਦੇ ਕਰਦੇ, ਬਿਨਾਂ ਕਿਸੇ ਡਰ ਭਉ ਦੇ ਅਗਾਂਹ ਹੀ ਅਗਾਂਹ ਤੁਰਦੇ ਗਏ। ਆਪਣੇ ਦਾਦੀ ਜੀ ਤੋਂ ਸਾਖੀਆਂ ਭੀ ਸੁਣਦੇ ਰਹੇ। ਇਸ ਤਰ੍ਹਾਂ ਉਨ੍ਹਾਂ ਦਾ ਪੈਂਡਾ ਭੀ ਸੌਖਾ ਕਟਿਆ ਗਿਆ।
ਬਰੇ ਲੰਮੇ ਪੈਂਡੇ ਮਗਰੋਂ ਮਾਤਾ ਗੁਜਰੀ ਜੀ ਸਮੇਤ ਦੋਹਾਂ ਸਾਹਿਬਜ਼ਾਦਿਆਂ ਦੇ ਕੰਮੋ ਮਾਸ਼ਕੀ ਦੀ ਝੁੱਗੀ ਕੋਲ ਜਾ ਪਹੁੰਚੇ। ਮਾਤਾ ਜੀ ਨੂੰ ਦੇਖਦਿਆਂ ਹੀ ਉਹ ਬਾਹਰ ਆ ਗਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ, “ਮੇਰੇ ਧਨ ਭਾਗ ਜੇ ਆਪ ਜੀ ਮੇਰੀ ਨਿਮਾਣੀ ਜਿਹੀ ਕੁੱਟੀਆ ਵਿੱਚ ਵਿਸ਼ਰਾਮ ਕਰੋ ”।
ਮਾਤਾ ਜੀ ਤੇ ਸਾਹਿਬਜ਼ਾਦੇ ਕੰਮੋ ਦੀ ਸ਼ਰਧਾ ਦੇਖ ਖੁਸ਼ ਹੋਏ। ਉਤੋਂ ਹਨੇਰਾ ਹੋ ਰਿਹਾ ਸੀ, ਇਸ ਲਈ ਮਾਤਾ ਜੀ ਨੇ ਉਸ ਰਾਤ ਕੰਮੋਂ ਦੀ ਝੁੱਗੀ ਟਿਕਣਾ ਹੀ ਠੀਕ ਸਮਝਿਆ। ਲਛਮੀ ਨਾਂ ਦੀ ਔਰਤ ਪਾਸੋਂ ਜੋ ਸਰ ਸਕਿਆ ਉਸ ਮਾਤਾ ਜੀ ਤੇ ਸਾਹਿਬਜ਼ਾਦਿਆਂ ਅਗੇ ਲਿਆ ਰਖਿਆ। ਸਭ ਨੇ ਗੁਰਪ੍ਰਸ਼ਾਦ ਕਹਿ ਮੂੰਹ ਵਿੱਚ ਪਾਇਆ।
ਦੂਜੇ ਦਿਨ ਗੁਰੂ ਜੀ ਦੇ ਲੰਗਰ ਦਾ ਇੱਕ ਸੇਵਾਦਾਰ ਗੰਗੂ ਬ੍ਰਾਹਮਣ ਸੋਅ ਸੁਣ ਕੇ ਉਨ੍ਹਾਂ ਦੇ ਕੋਲ ਆਣ ਪਹੁੰਚਾ। ਮਾਤਾ ਗੁਜਰੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗਾ: “ਮਾਤਾ ਜੀ ਆਪ ਮੇਰੇ ਨਾਲ ਸਾਡੇ ਪਿੰਡ ਖੇਰੀ ਚਲੋ ਉੱਥੇ ਆਪ ਜੀ ਨੂੰ ਕਿਸੇ ਕਿਸਮ ਦੀ ਖੇਚਲ ਨਹੀਂ ਹੋਵੇਗੀ ਕਿਸੇ ਨੂੰ ਆਪ ਬਾਰੇ ਸੂਹ ਤੱਕ ਨਹੀਂ ਲੱਗੇਗੀ ”।
ਮਾਤਾ ਗੁਜਰੀ ਜੀ ਨੂੰ ਚੁੱਪ ਦੇਖ ਕੇ ਗੰਗੂ ਕਹਿਣ ਲੱਗਾ, “ਆਪ ਪੂਰੀ ਤਸੱਲੀ ਰੱਖੋ ”। ਜੋ ਥੋੜਾ ਜਿਹਾ ਸਮਾਨ ਸੀ ਇੱਕ ਖੱਚਰ ਤੇ ਲਦਵਾ ਕੇ ਗੰਗੂ ਦੇ ਨਾਲ ਮਾਤਾ ਜੀ ਉਸ ਦੇ ਪਿੰਡ ਵੱਲ ਚੱਲ ਪਏ। ਦੋਵੇਂ ਸਾਹਿਬਜ਼ਾਦੇ ਨਾਲ ਨਾਲ ਪੈਦਲ ਚਲਦੇ ਗਏ। ਕਦੇ ਕਦੇ ਮਾਤਾ ਜੀ ਕੋਲੋਂ ਦੋਵੇਂ ਸਾਹਿਬਜ਼ਾਦੇ ਗੁਰੂ ਪਿਤਾ ਅਤੇ ਭਰਾਵਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਬਾਰੇ ਵੀ ਪੁੱਛ ਲੈਂਦੇ।
ਸਫਰ ਕਰਦੇ ਕਰਦੇ ਕਰਦੇ ਸ਼ਾਮ ਪੈ ਗਈ। ਖੇੜੀ ਪਿੰਡ ਪੁੱਜ ਕੇ ਗੰਗੂ ਦੇ ਘਰ ਟਿਕਾਣਾ ਕੀਤਾ। ਆਪਣੇ ਨਾਲ ਲਿਆਂਦਾ ਸਮਾਨ ਮਾਤਾ ਜੀ ਨੇ ਇੱਕ ਵੱਖਰੇ ਕਮਰੇ ਵਿੱਚ ਟਿਕਾ ਦਿੱਤਾ।
ਦੋਨੋਂ ਸਾਹਿਬਜ਼ਾਦਿਆਂ ਦੇ ਕੱਪੜੇ ਬਦਲਵਾਏ ਤੇ ਬਿਸਤਰਾ ਠੀਕ ਕੀਤਾ। ਤਿੰਨਾਂ ਨੇ ਰਲ ਕੇ ਰਹਿਰਾਸ ਸਾਹਿਬ ਦਾ ਪਾਠ ਕੀਤਾ। ਫਿਰ ਦੋਹਾਂ ਸਾਹਿਬਜ਼ਾਦਿਆਂ ਨੂੰ ਆਪਣੀ ਗਲਵਕੜੀ ਵਿਚ ਲੈ ਕੇ ਪਿਆਰ ਕੀਤਾ, ਅਸੀਸ ਦਿੱਤੀ ਤੇ ਆਪਣੀ ਛਾਤੀ ਨਾਲ ਲਗਾ ਕੇ ਅਰਾਮ ਕਰਨ ਲਈ ਲੇਟ ਗਏ। ਰਾਤ ਨੂੰ ਪੋਲੇ-ਪੋਲੇ ਕਦਮ ਰੱਖਦਾ ਗੰਗੂ ਉਨ੍ਹਾਂ ਦੇ ਕਮਰੇ ਵਿੱਚ ਆਇਆ। ਮਾਤਾ ਜੀ ਨੂੰ ਸੁੱਤਾ ਦੇਖ ਕੇ ਮੰਜੀ ਥੱਲੇ ਪਈ ਖੁਰਜੀ ਨੂੰ ਹੌਲੀ ਹੌਲੀ ਫਰੋਲ-ਫਰਾਲ ਕੇ ਉਸ ਵਿੱਚੋਂ ਮੋਹਰਾਂ ਦੀ ਥੈਲੀ ਕਢ ਕੇ ਚੁੱਪ-ਚਾਪ ਬਾਹਰ ਚਲਾ ਗਿਆ।
ਮਾਤਾ ਜੀ ਨੂੰ ਖੜਾਕ ਸੁਣਾਈ ਦਿੱਤਾ, ਗੰਗੂ ਦੇ ਅੰਦਰ ਆਉਣ ਦਾ ਝੌਲਾ ਪਿਆ, ਦੱਬੇ ਪੈਰੀ ਬਾਹਰ ਜਾਨ ਦਾ ਵੀ ਪਤਾ ਲੱਗ ਗਿਆ ਪਰ ਮਾਤਾ ਜੀ ਨੇ ਉਸ ਵੇਲੇ ਕੁਝ ਨਾ ਕਿਹਾ।
ਸਵੇਰੇ ਮਾਤਾ ਗੁਜਰੀ ਜੀ ਜਾਗੇ ਤਾਂ ਉਨ੍ਹਾਂ ਨੇ ਗੰਗੂ ਨੂੰ ਪੁੱਛਿਆ, “ਗੰਗੂ! ਸਾਰਾ ਸਮਾਨ ਖਿੱਲਰਿਆ ਪਿਆ ਹੈ, ਬਾਹਰਲਾ ਦਰਵਾਜ਼ਾ ਤਾਂ ਬੰਦ ਸੀ? ਮੋਹਰਾਂ ਕਿੱਥੇ ਗਈਆਂ?” ਗੰਗੂ ਹੈਰਾਨ ਹੋ ਕੇ ਇਧਰ-ਉਧਰ ਝਾਕਣ ਲੱਗਾ। ਬਿਨਾਂ ਕੁਝ ਕਹੇ ਝਟ-ਭੱਟ ਬਾਹਰ ਚਲਾ ਗਿਆ ਤੇ ਜਾ ਕੇ ਰੌਲਾ ਪਾ ਦਿੱਤਾ, “ਚੋਰੀ ਹੋ ਗਈ ਲੋਕੋ! ਮਾਤਾ ਜੀ ਦੀ ਚੋਰੀ ਹੋ ਗਈ!”
ਮਾਤਾ ਗੁਜਰੀ ਜੀ ਨੇ ਗੰਗੂ ਨੂੰ ਅੰਦਰ ਬੁਲਾਇਆ ਤੇ ਉਸ ਨੂੰ ਸਮਝਾਉਣ ਲੱਗੇ: “ਭਲਿਆ ਲੋਕਾ, ਇਸ ਤਰ੍ਹਾਂ ਸ਼ੋਰ ਮਚਾਨਾ ਠੀਕ ਨਹੀਂ। ਮੋਹਰਾਂ ਕੋਲ ਹੀ ਰੱਖ! ਤੇਰੇ ਕੋਲੋਂ ਕਿਸ ਮੰਗੀਆਂ ਨੇ?” ਇਹ ਸੁਣ ਕੇ ਗੰਗੂ ਗੁੱਸੇ ਨਾਲ ਬੋਲ ਉੱਠਿਆ। “ਹਨੇਰ ਸਾਈ ਦਾ, ਮੈਂ ਤੁਹਾਨੂੰ ਪਨਾਹ ਦਿੱਤੀ ਤੇ ਉਲਟਾ ਤੁਸੀਂ ਮੇਰੇ ਤੇ ਚੋਰੀ ਦੀ ਤੋਹਮਤ ਲਗਾ ਰਹੇ ਹੋ। ” ਮਾਤਾ ਜੀ ਨੇ ਉਸ ਨੂੰ ਸਮਝਾਉਣ ਦਾ ਜਤਨ ਕੀਤਾ ਪਰ ਬੋਲਦਾ-ਬੋਲਦਾ ਉਹ ਘਰੋਂ ਬਾਹਰ ਨਿਕਲ ਗਿਆ।
ਗੰਗੂ ਸਿੱਧਾ ਮੁਰਿੰਡੇ ਕੋਤਵਾਲ ਪਾਸ ਜਾ ਪਹੁੰਚਾ। ਅੰਦਰ ਜਾ ਕੇ ਕੋਤਵਾਲ ਨੂੰ ਸਲਾਮ ਕੀਤੀ ਤੇ ਹੌਲੀ-ਹੌਲੀ ਕਹਿਣ ਲੱਗਾ: “ਹਜ਼ੂਰ, ਆਪ ਜੀ ਨੂੰ ਇੱਕ ਖੁਫੀਆ ਇਤਲਾਹ ਦੇਣ ਆਇਆ ਹਾਂ। ” ਕੋਤਵਾਲ ਪੁੱਛਣ ਲੱਗਾ, “ਹਾਂ, ਦੱਸ ਪੰਡਤਾ, ਕੀ ਖ਼ਬਰ ਲਿਆਇਆ ਹੈ? ” “ਹਜ਼ੂਰ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਤੇ ਉਨ੍ਹਾਂ ਦੇ ਦੋ ਛੋਟੇ ਲੜਕੇ ਮੇਰੇ ਘਰ ਆ ਲੁਕੇ ਹਨ। ਕੋਤਵਾਲ ਇਹ ਸੁਣ ਕੇ ਬੜਾ ਖੁਸ਼ ਹੋਇਆ ਤੇ ਆਪਣੇ ਸਿਪਾਹੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਗੰਗੂ ਦੇ ਨਾਲ ਘਲਿਆ ਤੇ ਹੁਕਮ ਦਿੱਤਾ ਕਿ ਸਭ ਨੂੰ ਗਰਿਫ਼ਤਾਰ ਕਰ ਕੇ ਲਿਆਂਦਾ ਜਾਏ।
ਜਦ ਕੋਤਵਾਲ ਦੇ ਭੇਜੇ ਸਿਪਾਹੀ ਗੰਗੂ ਦੇ ਵਿਹੜੇ ਪੁੱਜੇ ਤਾਂ ਕੁਝ ਆਂਡ ਗੁਆਂਢ ਦੇ ਲੋਕ ਭੀ ਝਾਕਣ ਲਗੇ। ਸਿਪਾਹੀ ਦੌੜ ਕੇ ਪਿਛਲੇ ਪਾਸੇ ਚਲੇ ਗਏ ਤੇ ਮਾਤਾ ਜੀ ਨੂੰ ਮੰਜੇ ਤੇ ਬੈਠੇ ਤੇ ਬਚਿਆਂ ਨੂੰ ਨਿਸਚਿੰਤ ਦੇਖ ਕੇ ਪਹਿਲਾਂ ਹੈਰਾਨ ਹੋਏ ਤੇ ਫਿਰ ਨਾਲ ਤੁਰਨ ਲਈ ਕੋਤਵਾਲ ਦਾ ਹੁਕਮ ਸੁਣਾਇਆ।
ਮਾਤਾ ਜੀ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਗਲੇ ਲਗਾਇਆ ਤੇ ਕਹਿਣ ਲੱਗੇ: “ਚਲੋ, ਮੇਰੇ ਬੱਚਿਓ, ਚਲੀਏ। ”
ਸਾਹਿਬਜ਼ਾਦਾ ਜੋਰਾਵਾਰ ਸਿੰਘ ਜੀ ਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਤਿਆਰ ਬਰ ਤਿਆਰ ਖੜੇ ਸਨ। ਦੋਵੇਂ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਿਪਾਹੀਆਂ ਦੇ ਨਾਲ ਤੁਰ ਪਏ।
ਇਤਨੇ ਨੂੰ ਬਾਹਰ ਭੀਰ ਇਕੱਠੀ ਹੋ ਗਈ ਸੀ। ਗੰਗੂ ਇੱਕ ਪਾਸੇ ਖਰਾ ਸੀ, ਲੋਕ ਉਸ ਵਲ ਉਂਗਲੀਆਂ ਕਰ ਰਹੇ ਸਨ। ਉਹ ਅੱਖਾਂ ਨੀਵੀਆਂ ਪਾ ਇਕ ਪਾਸੇ ਖਲੋਤਾ ਸੀ। ਇੱਕ ਜਨਾਨੀ ਬੋਲੀ, “ਵੇਖੀ ਜੇ ਇਸ ਨਿਮਕ ਹਰਾਮ ਦੀ ਕਰਤੂਤ, ਇ੍ਹਨਾਂ ਨੂੰ ਆਪਣੇ ਘਰ ਲਿਆ ਕਿ ਸਰਕਾਰ ਨੂੰ ਜਾ ਖਬਰ ਦਿੱਤੀ ਸੂ। ” ਦੂਜਾ ਬੋਲਿਆ, “ਇੰਨਾ ਮਾਸੂਮਾਂ ਨੇ ਸਰਕਾਰ ਦਾ ਕੀ ਵਿਗਾੜਿਆ ਹੈ?” ਸਾਰੇ ਕਹਿ ਰਹੇ ਸਨ, “ਇ੍ਹਨਾਂ ਦੀ ਦਾਦੀ ਦੇ ਚਿਹਰੇ ਤੇ ਕਿੰਨਾ ਨੂਰ ਹੈ।”
ਲੋਕਾਂ ਦੇ ਦੇਖਦਿਆਂ ਦੇਖਦਿਆਂ ਹੀ ਮਾਤਾ ਜੀ ਨੂੰ ਤੇ ਦੋਹਾਂ ਸਾਹਿਬਜਾਦਿਆਂ ਨੂੰ ਸਿਪਾਹੀ ਆਪਣੇ ਨਾਲ ਲੈ ਗਏ। ਲੋਕ ਬੁਲ ਟੁੱਕਦੇ ਹੀ ਰਹਿ ਗਏ।
ਰਾਤ ਨੂੰ ਮਾਤਾ ਜੀ ਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੀ ਹਵਾਲਾਤ ਵਿਚ ਰਖਿਆ ਗਿਆ।
ਸ਼ਾਂਤੀ ਦੇ ਪੁੰਜ ਮਾਤਾ ਗੁਜਰੀ ਜੀ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਪਿਆਰ ਤੇ ਦਿਲਾਸਾ ਦੇ ਕੇ ਆਪਣੇ ਕੋਲ ਬਿਠਾਇਆ। ਉਨ੍ਹਾਂ ਨੂੰ ਗੁਰੂ ਨਾਨਕ ਦੇ ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਸੁਣਾਂਦੇ ਰਹੇ। ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੀਆਂ ਅਦੁੱਤੀ ਸ਼ਹੀਦੀ ਦੀਆਂ ਸਾਖੀਆਂ ਉਨ੍ਹਾਂ ਨੂੰ ਸੁਣਾਈਆਂ।
ਫੇਰ ਤਿੰਨਾਂ ਨੇ ਮਿਲ ਕੇ ਰਹਿਰਾਸ ਸਾਹਿਬ ਤੇ ਕੀਰਤਨ ਸੋਹਿਲੇ ਦਾ ਪਾਠ ਕੀਤਾ ਤੇ ਰਾਤ ਨੂੰ ਚਟਾਈ ਤੇ ਹੀ ਬਿਸਰਾਮ ਕੀਤਾ।
ਦੂਜੇ ਦਿਨ ਸਵੇਰੇ ਹੀ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਇਕ ਬੈਲ ਗੱਡੇ ਤੇ ਬਿਠਾ ਕੇ ਬੱਸੀ ਦੇ ਥਾਣੇ ਲੈ ਗਏ। ਲੋਕਾਂ ਦੀ ਭੀੜ ਨਾਲ ਹੀ ਚਲਦੀ ਜਾ ਰਹੀ ਸੀ। ਲੋਕ ਹੈਰਾਨ ਹੋ ਇੱਕ ਦੂਜੇ ਤੋਂ ਪੁਛ ਰਹੇ ਸਨ ਕਿ ਬਿਰਧ ਮਾਤਾ ਤੇ ਮਾਸੂਮ ਬੱਚਿਆਂ ਨੂੰ ਕਿਉਂ ਕੈਦ ਕੀਤਾ ਗਿਆ ਹੈ। ਜਿੱਥੋਂ ਵੀ ਲੰਘਦੇ ਲੋਕ ਘਰਾਂ ਤੋਂ ਬਾਹਰ ਆ ਜਾਂਦੇ। ਦਲੇਰ ਤੇ ਨਿਡਰ ਸਾਹਿਬਜ਼ਾਦਿਆਂ ਨੂੰ ਦੇਖ ਕੇ ਲੋਕ ਕਹਿ ਰਹੇ ਸਨ, “ਆਪਣੇ ਬਹਾਦਰ ਪਿਤਾ ਦੇ ਬਹਾਦਰ ਸਪੂਤ ਹਨ।”
ਆਸ ਪਾਸ ਖੜੇ ਮਰਦਾਂ ਤੇ ਜਨਾਨੀਆਂ ਦੀਆਂ ਇਹੋ ਜਹੀਆਂ ਗੱਲਾਂ ਸੁਣ ਕੇ ਸਿਪਾਹੀ ਘਬਰਾ ਕੇ ਜਲਦੀ-ਜਲਦੀ ਅੱਗੇ ਤੁਰਦੇ ਜਾਂਦੇ। ਗੱਡੇ ਵਾਲਾ ਬਲਦਾਂ ਨੂੰ ਤੇਜ਼ ਹਿਕਦਾ ਜਾਂਦਾ ਤਾਂ ਜੋ ਉਹ ਛੇਤੀ ਤੋਂ ਛੇਤੀ ਸਰਹੰਦ ਪਹੁੰਚ ਜਾਣ।
ਸਰਹੰਦ ਪਹੁੰਚ ਕੇ ਰਾਤ ਵੇਲੇ ਮਾਤਾ ਜੀ ਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ। ਭਾਈ ਮੋਤੀ ਨਾਉ ਦੇ ਮਹਿਰੇ ਨੇ, ਮਾਤਾ ਜੀ ਤੇ ਦੋਹਾਂ ਸਾਹਿਬਜ਼ਾਦਿਆਂ ਨੂੰ, ਜਾਨ ਹੀਲ ਕੇ, ਠੰਡੇ ਬੁਰਜ ਦੁੱਧ ਪਹੁੰਚਾਇਆ।
ਸਾਹਿਬਜ਼ਾਦਾ ਜੋਰਾਵਾਰ ਸਿੰਘ ਜੀ ਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਆਪਣੀ ਦਾਦੀ ਜੀ ਕੋਲ ਬੈਠ ਕੇ ਉਨ੍ਹਾਂ ਕੋਲੋਂ ਸਾਖੀਆਂ ਸੁਣਦੇ ਰਹੇ।
ਗੁਰੂ ਸਾਹਿਬਾਂ ਦੇ ਆਦਰਸ਼ਾਂ ਬਾਰੇ ਸੁਣ ਕੇ ਸਾਹਿਬਜ਼ਾਦੇ ਕਹਿਣ ਲੱਗੇ, “ਮਾਤਾ ਜੀ, ਅਸੀਂ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ, ਆਪਣੇ ਧਰਮ ਦੀ ਲਾਜ ਰੱਖਾਂਗੇ। ”
ਮਾਤਾ ਜੀ ਇਹ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਅਸ਼ੀਰਵਾਦ ਦਿੱਤੀ।
ਦੂਜੇ ਦਿਨ ਸਵੇਰੇ ਹੀ ਨਵਾਬ ਦੇ ਸਿਪਾਹੀ ਪਹੁੰਚ ਗਏ। ਉਨ੍ਹਾਂ ਨੇ ਮਾਤਾ ਗੁਜਰੀ ਜੀ ਨੂੰ ਪ੍ਰਣਾਮ ਕੀਤਾ ਤੇ ਕਹਿਣ ਲੱਗੇ, “ਇਹਨਾਂ ਬੱਚਿਆਂ ਨੂੰ ਨਵਾਬ ਸਾਹਿਬ ਦੀ ਕਚਹਿਰੀ ਵਿੱਚ ਲਿਜਾਣ ਦਾ ਹੁਕਮ ਮਿਲਿਆ ਹੈ। ” ਮਾਤਾ ਜੀ ਪੁੱਛਣ ਲੱਗੇ, “ਕਿਸ ਦੋਸ਼ ਵਿੱਚ ਲੈ ਜਾਣਾ ਹੈ?” ਸਿਪਾਹੀਆਂ ਨੇ ਜਵਾਬ ਦਿੱਤਾ, “ਅਸੀਂ ਕੀ ਜਾਣੀਏ, ਅਸਾਂ ਤੇ ਹੁਕਮ ਦੀ ਪਾਲਨਾ ਕਰਨੀ ਹੈ। ”
ਮਾਤਾ ਜੀ ਨੇ ਬੱਚਿਆਂ ਨੂੰ ਪਿਆਰ ਕੀਤਾ ਤੇ ਅਸੀਸ ਦਿੱਤੀ। ਦੋਵੇਂ ਸਾਹਿਬਜ਼ਾਦੇ ਆਪਣੇ ਦਾਦੀ ਜੀ ਅੱਗੇ ਸਿਰ ਝੁਕਾ ਕੇ ਸਿਪਾਹੀਆਂ ਨਾਲ ਚਲਣ ਲਈ ਤਿਆਰ ਹੋ ਪਏ।
ਦੋਹਾਂ ਸਾਹਿਬਜ਼ਾਦਿਆਂ ਨੂੰ ਸਿਪਾਹੀ ਪੈਦਲ ਹੀ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵੱਲ ਲੈ ਗਏ। ਜਦ ਸਾਹਿਬਜ਼ਾਦੇ ਕਚਹਿਰੀ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਹੈ ਤੇ ਨਿੱਕੀ ਜਹੀ ਬਾਰੀ ਖੁਲੀ ਹੈ ਜਿਸ ਦੇ ਅੰਦਰ ਜਾਣ ਲਈ ਝੁਕਣਾ ਪੈਂਦਾ ਹੈ।
ਸੂਝਵਾਨ ਸਾਹਿਬਜ਼ਾਦੇ ਹਾਕਮਾਂ ਦੀ ਚਾਲ ਸਮਝ ਗਏ। ਬੜੀ ਚੁਸਤੀ ਨਾਲ ਉਨ੍ਹਾਂ ਨੇ ਪਹਿਲੋਂ ਆਪਣੇ ਚਰਨ ਅੰਦਰ ਕੀਤੇ ਤੇ ਬਿਨਾਂ ਸੀਸ ਝੁਕਾਏ ਦਾਖਲ ਹੋ ਗਏ।
ਨਵਾਬ ਵਜ਼ੀਰ ਖਾਨ ਦੀ ਕਚਹਿਰੀ ਲੱਗੀ ਸੀ। ਸਾਹਿਬਜ਼ਾਦਿਆਂ ਨੇ ਅੰਦਰ ਪਹੁੰਚਦਿਆਂ ਹੀ ਗੱਜ ਕੇ ਫ਼ਤਹਿ ਬੁਲਾਈ – ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਉਨ੍ਹਾਂ ਦੇ ਉੱਚੇ ਜੈਕਾਰੇ ਨਾਲ ਕਚਹਿਰੀ ਗੂੰਜ ਉੱਠੀ ਤੇ ਸਭ ਦੀਆਂ ਨਜ਼ਰਾਂ ਬਹਾਦਰ ਤੇ ਨਿਡਰ ਸਾਹਿਬਜ਼ਾਦਿਆਂ ਤੇ ਟਿਕ ਗਈਆਂ।
ਗੋਰੇ ਤੇ ਚਿੱਟੇ, ਕੇਸਰੀ ਬਾਣੇ ਤੇ ਗਲੇ ਵਿੱਚ ਪਈਆਂ ਕਿਰਪਾਨਾਂ ਨਾਲ ਉਹ ਬੜੇ ਹੀ ਪਿਆਰੇ ਲੱਗ ਰਹੇ ਸਨ। ਸਭ ਦਰਬਾਰੀ ਬਿਟ-ਬਿਟ ਤਕ ਰਹੇ ਸਨ। ਨਵਾਬ ਵਜ਼ੀਰ ਖਾਨ ਉਨ੍ਹਾਂ ਨੂੰ ਪੁਚਕਾਰ ਕੇ ਕਹਿਣ ਲੱਗਾ, “ਬੱਚਿਓ, ਤੁਸੀਂ ਬੜੇ ਹੀ ਚੰਗੇ ਲੱਗ ਰਹੇ ਹੋ, ਇਸਲਾਮ ਕੌਮ ਨੂੰ ਬੜਾ ਹੀ ਫ਼ਖ਼ਰ ਹੋਵੇਗਾ ਜੇ ਤੁਸੀਂ ਕਲਮਾ ਪੜ੍ਹ ਕੇ ਮੋਮਨ ਬਣ ਜਾਓ। ਤੁਹਾਨੂੰ ਮੂੰਹ ਮੰਗੀ ਮੁਰਾਦ ਮਿਲੇਗੀ।”
ਦੋਵੇਂ ਸਾਹਿਬਜ਼ਾਦੇ ਗੱਜ ਕੇ ਬੋਲੇ: “ਸਾਡਾ ਧਰਮ ਸਾਨੂੰ ਪਿਆਰਾ ਹੈ। ਸੰਸਾਰੀ ਵਸਤੂਆਂ ਨੂੰ ਅਸੀਂ ਤੁਛ ਸਮਝਦੇ ਹਾਂ। ”
ਉਨ੍ਹਾਂ ਦਾ ਇਹ ਜਵਾਬ ਸੁਣ ਕੇ ਨਵਾਬ ਨੂੰ ਗੁੱਸਾ ਆਇਆ ਪਰ ਪੀ ਗਿਆ।
ਨਵਾਬ ਕਾਜ਼ੀ ਨੂੰ ਕਹਿਣ ਲੱਗਾ, “ਸੁਣ ਲਿਆ ਜੇ ਇਹਨਾਂ ਬਾਗੀਆਂ ਦਾ ਗੁਸਤਾਖੀ ਭਰਿਆ ਜਵਾਬ। ਇਹਨਾਂ ਨੂੰ ਮਾਸੂਮ ਨਾ ਸਮਝੋ। ਇਹਨਾਂ ਨੂੰ ਸਜ਼ਾ ਦੇਣੀ ਹੀ ਪਵੇਗੀ। ਇਹ ਬਾਗੀ ਬੇਟੇ ਹਨ। ”
ਕਾਜ਼ੀ ਨੇ ਜਵਾਬ ਦਿੱਤਾ: “ਇਹ ਮਾਸੂਮ ਬੇਗੁਨਾਹ ਹਨ ਸ਼ਰਾ ਮੁਤਾਬਕ ਬਾਪ ਦੇ ਜੁਰਮ ਦੀ ਸਜ਼ਾ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦੀ। ”
ਨਵਾਬ ਨੇ ਫੇਰ ਕਿਹਾ, “ਪਰ ਇਹ ਆਪ ਵੀ ਤਾਂ ਬਾਗੀ ਹਨ। ਦੇਖੋ ਕਿਵੇਂ ਸਿਰ ਉੱਚਾ ਕਰਕੇ ਖਲੋਤੇ ਹਨ।”
ਕਾਜ਼ੀ ਨੇ ਕਿਹਾ, “ਪਰ ਇਹਨਾਂ ਨੇ ਜੁਰਮ ਤਾਂ ਕੋਈ ਨਹੀਂ ਕੀਤਾ। ”
ਕਾਜ਼ੀ ਦਾ ਇਹ ਜਵਾਬ ਸੁਣ ਕੇ ਨਵਾਬ ਵਜ਼ੀਰ ਖਾਨ ਬੜਾ ਹੈਰਾਨ ਹੋਇਆ।
ਫੇਰ ਨਵਾਬ ਵਜ਼ੀਰ ਖਾਨ ਸਾਹਿਬਜਾਦਿਆਂ ਨੂੰ ਸਮਝਾਉਣ ਲੱਗਾ, “ਤੁਸੀਂ ਅਜੇ ਮਾਸੂਮ ਹੋ, ਤੁਹਾਡੀ ਉਮਰ ਖਾਣ ਪੀਣ ਦੀ ਹੈ, ਸਾਡਾ ਕਹਿਣਾ ਮੰਨੋ, ਜਾਗੀਰਾਂ ਤੁਹਾਨੂੰ ਦੇਵਾਂਗਾ, ਇਥੇ ਵੀ ਮੌਜਾਂ ਤੇ ਅਗਲੇ ਜਹਾਨ ਵਿੱਚ ਵੀ ਤੁਹਾਨੂੰ ਜੰਨਤ ਨਸੀਬ ਹੋਵੇਗੀ। ”
ਬੇ-ਖੌਫ ਹੋ ਕੇ ਸਾਹਿਬਜ਼ਾਦਾ ਜੋਰਾਵਾਰ ਸਿੰਘ ਬੋਲੇ, “ਸਾਡੀ ਜੰਗ ਜਬਰ ਤੇ ਬੇਇਨਸਾਫ਼ੀ ਦੇ ਵਿਰੁੱਧ ਹੈ; ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਹਾਂ, ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਹਾਂ, ਗੁਰੂ ਅਰਜਨ ਦੇਵ ਜੀ ਦੀ ਔਲਾਦ ਵਿੱਚੋਂ ਹਾਂ। ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਾਂਗੇ। ਆਪਣੇ ਧਰਮ ਦੀ ਰੱਖਿਆ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ। ”
ਨਵਾਬ ਨੇ ਹੌਲੇ ਜਿਹੇ ਕਿਹਾ, “ਹੈ ਇਤਨਾ ਫਖਰ ਆਪਣੇ ਧਰਮ ਤੇ!”
ਦੀਵਾਨ ਸੁੱਚਾ ਨੰਦ, ਜੋ ਉਥੇ ਬੈਠਾ ਸੀ, ਉੱਠ ਕੇ ਸਾਹਿਬਜ਼ਾਦਿਆਂ ਦੇ ਕੋਲ ਗਿਆ ਤੇ ਉਨ੍ਹਾਂ ਨੂੰ ਪੁੱਛਣ ਲੱਗਾ, “ਜੇ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀਂ ਕਿੱਥੇ ਜਾਓਗੇ? ” ਸਾਹਿਬਜ਼ਾਦਾ ਜੋਰਾਵਾਰ ਸਿੰਘ ਜੀ ਬੋਲੇ, “ਜੰਗਲਾਂ ਵਿੱਚ ਜਾ ਕੇ ਸਿੱਖ ਇਕੱਠੇ ਕਰਾਂਗੇ, ਘੋਰੇ ਲਿਆਵਾਂਗੇ ਤੇ ਤੁਹਾਡੇ ਨਾਲ ਮੁਕਾਬਲੇ ਤੇ ਆ ਕੇ ਲੜਾਂਗੇ। ”
ਦੀਵਾਨ ਸੁੱਚਾ ਨੰਦ ਬੋਲਿਆ: “ਤੁਹਾਨੂੰ ਪਤਾ ਹੈ ਤੁਹਾਡਾ ਪਿਤਾ ਮਾਰਿਆ ਗਿਆ ਹੈ ਤੁਸੀਂ ਜ਼ਿਦ ਛੱਡ ਦਿਓ ਤੇ ਨਵਾਬ ਦਾ ਕਹਿਣਾ ਮੰਨ ਲਵੋ। ”
ਦੋਵੇ ਸਾਹਿਬਜ਼ਾਦੇ ਗਰਜ ਕੇ ਬੋਲੇ, “ਸਾਡੇ ਪਿਤਾ ਨੂੰ ਮਾਰਨ ਵਾਲਾ ਕੌਣ ਹੈ? ਉਹ ਆਪ ਸਮਰੱਥ ਹਨ। ਤੁਹਾਡੀ ਨਸੀਹਤ ਦੀ ਲੋੜ ਨਹੀਂ। ਜਦ ਤੱਕ ਇਹ ਜਾਲਮ ਰਾਜ ਨਸ਼ਟ ਨਹੀਂ ਹੋ ਜਾਂਦਾ ਅਸੀਂ ਲੜਦੇ ਹੀ ਜਾਵਾਂਗੇ। ”
ਦੀਵਾਨ ਸੁੱਚਾ ਨੰਦ ਨੂੰ ਹੈਰਾਨੀ ਵੀ ਹੋਈ ਤੇ ਗੁੱਸਾ ਵੀ ਆਇਆ। ਬੁੜ ਬੁੜ ਕਰਦਾ ਓਹ ਨਵਾਬ ਵਜ਼ੀਰ ਖ਼ਾਨ ਦੇ ਕੋਲ ਆਇਆ ਤੇ ਉਸ ਨੂੰ ਕਹਿਣ ਲਗਾ, “ਨਵਾਬ ਸਾਹਿਬ, ਸੱਪ ਨੂੰ ਮਾਰਨਾ ਤੇ ਸੱਪ ਦੇ ਬੱਚਿਆਂ ਨੂੰ ਪਾਲਣਾ ਸਿਆਣਪ ਨਹੀਂ। ਭੇੜੀਏ ਦਾ ਬੱਚਾ ਭੇਰੀਆ ਹੀ ਹੁੰਦਾ ਹੈ। ਇਹਨਾਂ ਵੱਡਿਆਂ ਹੋ ਕੇ ਬਗਾਵਤ ਹੀ ਕਰਨੀ ਹੈ, ਇਹਨਾਂ ਨੂੰ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ। ”
ਨਵਾਬ ਨੇ ਦੀਵਾਨ ਸੁੱਚਾ ਨੰਦ ਦੀ ਗੱਲ ਧਿਆਨ ਨਾਲ ਸੁਣੀ। ਜਦ ਨਵਾਬ, ਕਾਜ਼ੀ ਅਤੇ ਦੀਵਾਨ ਸੁੱਚਾ ਨੰਦ ਦੀ ਗੱਲ-ਬਾਤ ਚੱਲ ਰਹੀ ਸੀ ਤਾਂ ਦੋਵੇਂ ਬਰੀ ਬੇਪਰਵਾਹੀ ਨਾਲ ਤੇ ਬਿਨਾਂ ਕਿਸੇ ਡਰ ਭੈ ਦੇ ਆਪਸ ਵਿਚ ਗੱਲਾਂ ਬਾਤਾਂ ਕਰਦੇ, ਹੱਸਦੇ ਖੇਡਦੇ ਸਨ। ਚਾਰੇ ਪਾਸੇ ਖੜੇ ਤੇ ਬੈਠੇ ਦਰਬਾਰੀ ਤੇ ਹੋਰ ਲੋਕ ਹੈਰਾਨ ਹੋ ਰਹੇ ਸਨ ਕਿ ਇਹਨਾਂ ਦੀ ਜ਼ਿੰਦਗੀ ਮੌਤ ਦਾ ਫੈਸਲਾ ਹੋ ਰਿਹਾ ਹੈ ਪਰ ਇਹਨਾਂ ਦੇ ਚਿਹਰਿਆਂ ਤੇ ਕੋਈ ਫਿਕਰ ਚਿੰਤਾ ਨਹੀਂ।
ਨਵਾਬ ਨੇ ਫੇਰ ਕਾਜ਼ੀ ਨੂੰ ਕਿਹਾ, “ਦੀਵਾਨ ਸਾਹਿਬ ਨੂੰ ਦਿੱਤੇ ਇਹਨਾਂ ਦੇ ਗੁਸਤਾਖੀ ਭਰੇ ਜਵਾਬ ਆਪ ਨੇ ਸੁਣੇ ਹੀ ਹਨ। ਇਹਨਾਂ ਨੂੰ ਰਿਹਾ ਕਰਨਾ ਠੀਕ ਨਹੀਂ ਹੋਵੇਗਾ। ਇਹ ਤਾਂ ਆਪਣੇ ਬਾਪ ਦੀ ਤਰ੍ਹਾਂ ਬਗਾਵਤ ਦਾ ਝੰਡਾ ਖੜਾ ਕਰਨਗੇ। ”
ਕਾਜ਼ੀ ਨੇ ਵੀ ਸੁੱਚਾ ਨੰਦ ਨਾਲ ਹੋਈ ਸਾਹਿਬਜ਼ਾਦਿਆਂ ਦੀ ਗੱਲ ਸੁਣੀ ਸੀ। ਕੁਝ ਦੇਰ ਸੋਚ ਕੇ ਉੱਠ ਖੜਾ ਹੋਇਆ ਤੇ ਫਤਵਾ ਦਿੱਤਾ, “ਇਹ ਬੱਚੇ ਬਗਾਵਤ ਦੇ ਤੁਲੇ ਹੋਏ ਹਨ ਇਹਨਾਂ ਨੂੰ ਜਿੰਦਾ ਨੀਹਾ ਵਿੱਚ ਚਿਣ ਦਿੱਤਾ ਜਾਏ। ”
ਕਾਜ਼ੀ ਦਾ ਇਹ ਫਤਵਾ ਸੁਣ ਕੇ ਦਰਬਾਰ ਵਿੱਚ ਹਾਜ਼ਰ ਸਭ ਲੋਕ ਦੰਗ ਰਹਿ ਗਏ। ਪਰ ਨਿਡਰ ਸਾਹਿਬਜ਼ਾਦੇ ਬੜੀ ਬੇਪਰਵਾਹੀ ਨਾਲ ਖੜੇ ਸਨ। ਕਾਜ਼ੀ ਨੇ ਨਵਾਬ ਨੂੰ ਸਲਾਹ ਦਿੱਤੀ, “ਇਹਨਾਂ ਬਚਿਆਂ ਨੂੰ ਨਵਾਬ ਮਲੇਰ ਕੋਟਲਾ ਦੇ ਹਵਾਲੇ ਕਰ ਦਿਓ। ਇਹਨਾਂ ਦੇ ਬਾਪ ਦੇ ਸਿੱਖਾਂ ਨੇ ਉਸ ਦਾ ਭਰਾ ਮਾਰ ਦਿੱਤਾ ਸੀ, ਉਹ ਆਪਣਾ ਬਦਲਾ ਲੈ ਲਵੇ। ”
ਨਵਾਬ ਨੇ ਸ਼ੇਰ ਮੁਹੰਮਦ ਖਾਨ ਨੂੰ ਬੁਲਾ ਘੱਲਿਆ। ਜਦ ਉਹ ਆਇਆ ਤਾਂ ਨਵਾਬ ਨੇ ਉਸ ਨੂੰ ਕਿਹਾ, “ਸ਼ੇਰ ਮੁਹੰਮਦ ਖਾਨ, ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਨੇ ਤੁਹਾਡੇ ਭਰਾ ਨੂੰ ਮਾਰ ਦਿੱਤਾ ਸੀ। ਹੁਣ ਮੌਕਾ ਹੈ ਬਦਲਾ ਲੈਣ ਦਾ, ਗੁਰੂ ਦੇ ਦੋ ਬੇਟੇ ਗਿਰਫਤਾਰ ਕਰ ਕੇ ਲਿਆਂਦੇ ਗਏ ਹਨ। ਕਾਜ਼ੀ ਸਾਹਿਬ ਨੇ ਫਤਵਾ ਦਿੱਤਾ ਹੈ ਕਿ ਇਹਨਾਂ ਨੂੰ ਜਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ ਜਾਏ। ਇਹ ਤੇਰੇ ਹਵਾਲੇ ਕੀਤੇ ਜਾ ਰਹੇ ਹਨ, ਤੂੰ ਫਤਵੇ ਦੀ ਤਾਮੀਲ ਕਰਨੀ ਹੈ। ”
ਇਹ ਸੁਣ ਕੇ ਸ਼ੇਰ ਮੁਹੰਮਦ ਖਾਨ ਹੱਕਾ ਬੱਕਾ ਹੋ ਗਿਆ। ਉਸਦੇ ਮੂੰਹੋਂ ਗੱਲ ਨਾ ਨਿਕਲੇ। ਆਖਰ ਹੌਕਾ ਭਰ ਕੇ ਕਹਿਣ ਲੱਗਾ, “ਨਵਾਬ ਸਾਹਿਬ, ਇਹ ਜੁਲਮ ਹੈ। ਮੇਰਾ ਭਰਾ ਤਾਂ ਲੜਾਈ ਵਿੱਚ ਮਾਰਿਆ ਗਿਆ ਸੀ। ਇਹਨਾਂ ਮਾਸੂਮਾਂ ਦਾ ਕੀ ਕਸੂਰ ਹੈ? ”
ਇਸ ਤਰ੍ਹਾਂ ਆਹ ਦਾ ਨਾਰਾ ਮਾਰ ਉਹ ਬਾਹਰ ਨਿਕਲ ਗਿਆ।
ਇਧਰ ਨਵਾਬ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਦੋਹਾਂ ਸਾਹਿਬਜ਼ਾਦਿਆਂ ਨੂੰ ਵਾਪਸ ਬੁਰਜ ਵਿੱਚ ਘਲ ਦਿੱਤਾ ਜਾਏ। ਉਧਰ ਆਪਣੇ ਅਹਿਲਕਾਰਾਂ ਨੂੰ ਹਿਦਾਇਤ ਕੀਤੀ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣਨ ਲਈ ਕਿਸੇ ਜੱਲਾਦ ਦਾ ਫ਼ੌਰਨ ਬੰਦੋਬਸਤ ਕੀਤਾ ਜਾਏ।
ਸਾਹਿਬਜ਼ਾਦੇ ਬੁਰਜ ਵਿੱਚ ਮਾਤਾ ਗੁਜਰੀ ਜੀ ਕੋਲ ਪਹੁੰਚੇ ਤੇ ਕਚਹਿਰੀ ਵਿਚ ਹੋਈ ਸਾਰੀ ਗੱਲ-ਬਾਤ ਸੁਣਾਈ। ਮਾਤਾ ਜੀ ਦੇ ਹੰਜੂ ਭਰ ਆਏ ਤੇ ਉਨ੍ਹਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਘੁਟ ਕੇ ਗਲੇ ਨਾਲ ਲਗਾ ਲਿਆ, “ਤੁਸੀਂ ਰਖ ਵਿਖਾਈ ਹੈ। ਵਾਹਿਗੁਰੂ ਸਦਾ ਆਪ ਦੇ ਅੰਗ–ਸੰਗ ਹੈ। ”
ਦੂਜੇ ਦਿਨ ਸਵੇਰੇ ਦੋਹਾਂ ਸਾਹਿਬਜ਼ਾਦਿਆਂ ਨੂੰ ਮੁੜ ਨਵਾਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਨਵਾਬ ਨੇ ਉਨ੍ਹਾਂ ਨੂੰ ਪੁੱਛਿਆ, “ਕਿਉ ਬੱਚਿਓ, ਤੁਹਾਡਾ ਕੀ ਇਰਾਦਾ ਹੈ? ਦੀਨ ਕਬੂਲਦੇ ਹੋ ਕੇ ਤੁਹਾਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਜਾਏ? ” ਦੋਵੇਂ ਸਾਹਿਬਜ਼ਾਦੇ ਨਿਧੜਕ ਬੋਲੇ, “ਅਸੀਂ ਕਦੇ ਵੀ ਆਪਣਾ ਧਰਮ ਨਹੀਂ ਤਿਆਗਾਂਗੇ। ”
ਉਸ ਦਾ ਇੱਕ ਅਹਿਲਕਾਰ ਅੱਗੇ ਆਇਆ ਤੇ ਕਹਿਣ ਲੱਗਾ, “ਹਜੂਰ ਦਿੱਲੀ ਦੇ ਸ਼ਾਹੀ ਜਲਾਦ ਸ਼ਿਸ਼ਾਲ ਬੇਗ ਤੇ ਵਿਸ਼ਾਲ ਬੇਗ ਕਚਹਿਰੀ ਵਿੱਚ ਪੇਸ਼ ਹਨ ਇਹਨਾਂ ਦੇ ਮੁਕਦਮੇ ਦੀ ਅੱਜ ਤਰੀਕ ਹੈ ਜੇ ਆਪ ਇਹਨਾਂ ਨੂੰ ਬਰੀ ਕਰ ਦਿਓ ਤਾਂ ਉਹ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣਨ ਨੂੰ ਤਿਆਰ ਹਨ। ”
ਨਵਾਬ ਨੇ ਹੁਕਮ ਦਿੱਤਾ, “ਇਹਨਾਂ ਜਲਾਦਾਂ ਦਾ ਮੁਕਦਮਾ ਬਰਖਾਸਤ ਕੀਤਾ ਜਾਂਦਾ ਹੈ। ਇਹ ਦੋਵੇਂ ਇਹਨਾਂ ਦੇ ਹਵਾਲੇ ਕਰ ਦਿੱਤੇ ਜਾਣ। ”
ਜਲਾਦਾਂ ਨੇ ਅੱਗੇ ਹੋ ਕੇ ਸਲਾਮ ਕੀਤੀ ਤੇ ਕਿਹਾ, “ਜੋ ਹੁਕਮ ਹਜੂਰ ਦਾ। ”
ਸਿਪਾਹੀ ਦੋਹਾਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਤੋਂ ਬਾਹਰ ਲਿਆਏ। ਲੋਕਾਂ ਦੀ ਭੀੜ ਜੁੜ ਗਈ। ਮਰਦ ਤੇ ਇਸਤਰੀ ਇਹ ਸੁਣ ਕੇ ਹੈਰਾਨ ਹੋ ਰਹੇ ਸਨ ਕਿ ਇਹਨਾਂ ਮਾਸੂਮ ਬੱਚਿਆਂ ਨੂੰ ਜਿੰਦਾ ਦੀਵਾਰਾਂ ਵਿੱਚ ਚਿਣੇ ਜਾਣ ਦੀ ਸਜ਼ਾ ਮਿਲੀ ਹੈ। ਇਧਰੋਂ ਆਵਾਜ਼ਾਂ ਆ ਰਹੀਆਂ ਸਨ: “ਕੀ ਜੁਰਮ ਕੀਤਾ ਹੈ ਇਹਨਾਂ ਨੇ ਨਿਆਣਿਆਂ ਨੇ? ”; “ਹਨੇਰ ਸਾਈ ਦਾ, ਕਿੱਡਾ ਜ਼ੁਲਮ ਏ। ”; “ਨੀ ਭੈਣਾਂ, ਦੇਖ ਕਿੱਡੇ ਬੇ–ਖੌਫ ਨੇ ਇਹ ਬਾਲਕ। ”; “ਗੁਰੂ ਗੋਬਿੰਦ ਸਿੰਘ ਦੇ ਬਹਾਦਰ ਸਪੂਤ ਨੇ। ” ਲੋਕੀ ਉਂਗਲਾਂ ਟੁੱਕ ਰਹੇ ਹਨ। ਸਿਪਾਹੀ ਵਾਹੋ ਦਾਹੀ ਉਨ੍ਹਾਂ ਨੂੰ ਅੱਗੇ ਲਿਜਾ ਰਹੇ ਸਨ। ਲੋਕਾਂ ਦੀਆਂ ਗੱਲਾਂ ਸੁਣ ਕੇ ਸਿਰ ਨੀਵਾ ਪਾਈ ਸਿਪਾਹੀ ਤੁਰੀ ਗਏ।
ਸਾਹਿਬਜਾਦਿਆਂ ਨੂੰ ਉੱਥੇ ਲਿਆਂਦਾ ਗਿਆ ਜਿੱਥੇ ਦੀਵਾਰ ਉਸਾਰੀ ਜਾ ਰਹੀ ਸੀ। ਕਾਜ਼ੀ ਵੀ ਉੱਥੇ ਆਣ ਪੁੱਜਾ। ਦੋਹਾਂ ਸਾਹਿਬਜ਼ਾਦਿਆਂ ਨੂੰ ਨਵੀਂ ਬਣ ਰਹੀ ਦੀਵਾਰ ਵਿੱਚ ਖੜਾ ਕੀਤਾ ਗਿਆ। ਕਾਜ਼ੀ ਨੇ ਉਨ੍ਹਾਂ ਨੂੰ ਫੇਰ ਪ੍ਰੇਰਿਆ, “ਦੀਨ ਕਬੂਲ ਕਰ ਲਵੋ, ਕਿਉਂ ਆਪਣੀਆਂ ਨਿੱਕੀਆਂ ਜਿਹੀਆਂ ਜਿੰਦਾਂ ਅਜਾਈ ਗਵਾਉਂਦੇ ਹੋ? ” ਜੱਲਾਦਾਂ ਨੇ ਵੀ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤਾਂ ਆਪਣੇ ਫੈਸਲੇ ਤੇ ਡਟੇ ਹੋਏ ਸਨ। ਜੱਲਾਦਾਂ ਨੂੰ ਸਾਹਿਬਜ਼ਾਦੇ ਕਹਿਣ ਲੱਗੇ, “ਜਲਦੀ ਜਲਦੀ ਮੁਗ਼ਲ ਰਾਜ ਦਾ ਖਾਤਮਾ ਕਰੋ, ਪਾਪਾਂ ਦੀ ਦੀਵਾਰ ਹੋਰ ਉੱਚੀ ਕਰੋ; ਢਿਲ ਕਿਉਂ ਕਰਦੇ ਹੋ। ” ਇਹ ਕਹਿ ਕੇ ਦੋਨੋਂ ਸਾਹਿਬਜ਼ਾਦੇ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ। ਜੱਲਾਦਾਂ ਨੇ ਦੀਵਾਰ ਦੀ ਚਣਾਈ ਸ਼ੁਰੂ ਕਰ ਦਿੱਤੀ।
ਜਦ ਦੀਵਾਰ ਉਨ੍ਹਾਂ ਦੀਆਂ ਛਾਤੀਆਂ ਤੱਕ ਪਹੁੰਚੀ ਤਾਂ ਨਵਾਬ ਤੇ ਕਾਜ਼ੀ ਫੇਰ ਉਨ੍ਹਾਂ ਦੇ ਕੋਲ ਆਏ ਤੇ ਕਹਿਣ ਲੱਗੇ, “ਬੱਚਿਓ, ਅਜੇ ਵੀ ਵਕਤ ਹੈ, ਜਾਨ ਬਖਸ਼ੀ ਜਾ ਸਕਦੀ ਹੈ। ਕਲਮਾ ਪੜ੍ਹੋ ਤੇ ਦੀਵਾਰ ਢਾਹ ਦਿੱਤੀ ਜਾਵੇਗੀ। ”
ਸਾਹਿਬਜ਼ਾਦੇ ਗੱਜ ਕੇ ਬੋਲੇ: “ਅਸੀਂ ਆਪਣਾ ਧਰਮ ਨਹੀਂ ਤਿਆਗਾਂਗੇ, ਮਰਨ ਤੋਂ ਅਸੀਂ ਨਹੀਂ ਡਰਦੇ ਕਰੋੜ ਵਾਰ ਵੀ ਜ਼ਿੰਦਗੀ ਮਿਲੇ, ਤਾਂ ਵੀ ਧਰਮ ਦੇ ਟਾਕਰੇ ਹੇਠ ਹੈ। ”
ਇਹ ਸੁਣ ਕੇ ਨਵਾਬ ਤੇ ਕਾਜ਼ੀ ਦੰਗ ਰਹਿ ਗਏ। ਆਸ-ਪਾਸ ਖੜੇ ਲੋਕਾਂ ਦੀਆਂ ਅੱਖਾਂ ਵਿੱਚ ਆਸੂ ਭਰ ਆਏ।
ਦੀਵਾਰਾਂ ਹੋਰ ਉੱਚੀਆਂ ਹੋ ਗਈਆਂ, ਗਲੇ ਤੱਕ ਪਹੁੰਚ ਗਈਆਂ। ਦੋਨੋਂ ਸਾਹਿਬਜ਼ਾਦੇ ਇੱਕ ਦੂਜੇ ਵੱਲ ਦੇਖ ਕਹਿ ਰਹੇ ਸਨ: “ਇਹ ਸਾਡੀ ਪਰੀਖਿਆ ਲੈਣਾ ਚਾਹੁੰਦੇ ਹਨ। ਇਹਨਾਂ ਹਾਕਮਾਂ ਨੂੰ ਇਹ ਪਤਾ ਨਹੀਂ ਕਿ ਗੁਰੂ ਨਾਨਕ ਦੇ ਸਿੱਖ ਕਿਸੇ ਤੋਂ ਡਰਦੇ ਨਹੀਂ। ਗੁਰੂ ਅਰਜਨ ਦੇਵ ਜੀ ਨੇ ਤੱਤੇ ਤਵਿਆਂ ਤੇ ਬੈਠ ਕੇ ਸ਼ਹੀਦੀ ਦਿੱਤੀ ਹੈ। ਉਨ੍ਹਾਂ ਨੇ ਮਨੁੱਖ ਨੂੰ ਜਿੱਥੇ ਜੀਵਨ ਦੀ ਜਾਚ ਦੱਸੀ, ਉੱਥੇ ਮਰਨ ਦਾ ਵੀ ਵੱਲ ਦੱਸਿਆ। ”
ਛੋਟੇ ਸਾਹਿਬਜ਼ਾਦੇ ਫ਼ਤਹਿ ਸਿੰਘ ਜੀ ਨੇ ਕਿਹਾ, “ਸਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ ‘ਸੀਸ ਦੀਆ ਪਰ ਸਿਰ ਨ ਦੀਆ’। ਅਸੀਂ ਹੁਣ ਜਲਦੀ ਹੀ ਉਨ੍ਹਾਂ ਕੋਲ ਪਹੁੰਚ ਜਾਵਾਂਗੇ। ਉਹ ਸਾਨੂੰ ਉਡੀਕ ਰਹੇ ਹਨ। ”
ਥੋੜੀ ਦੇਰ ਮਗਰੋਂ ਦੋਨੋਂ ਸਾਹਿਬਜ਼ਾਦੇ ਬੇਹੋਸ਼ ਹੋ ਗਏ।
ਇਹ ਦੇਖ ਕੇ ਜੱਲਾਦ ਘਬਰਾ ਗਏ। ਆਪਸ ਵਿੱਚ ਸਲਾਹ ਕਰਕੇ ਕਹਿਣ ਲੱਗੇ, “ਇਹ ਹੁਣ ਅਖੀਰਲੇ ਦਮਾਂ ਤੇ ਹਨ। ਦੀਵਾਰ ਹੋਰ ਉੱਚੀ ਕਰਨ ਦੀ ਜ਼ਰੂਰਤ ਨਹੀਂ। ਇਹਨਾਂ ਨੂੰ ਜ਼ਿਬ੍ਹਾ ਕਰਕੇ ਕੰਮ ਖਤਮ ਕੀਤਾ ਜਾਏ। ਉੱਤੋਂ ਰਾਤ ਪੈ ਰਹੀ ਹੈ। ”
ਦੀਵਾਰ ਡਿੱਗ ਪਈ ਤੇ ਬੇਹੋਸ਼ ਹੋਏ ਸਾਹਿਬਜ਼ਾਦਿਆਂ ਨੂੰ ਬਾਹਰ ਕਢ ਕੇ ਜ਼ਮੀਨ ਤੇ ਲਿਟਾ ਦਿੱਤਾ ਗਿਆ ਤੇ ਸ਼ਹੀਦ ਕਰ ਦਿੱਤਾ।
ਆਸ-ਪਾਸ ਖੜੇ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਤੇ ਹੌਕਾ ਭਰ ਕੇ ਕਹਿਣ ਲੱਗੇ, “ਇਡਾ ਜ਼ੁਲਮ! ਰੱਬ ਦੀ ਕਚਹਿਰੀ ਵਿੱਚ ਕੀ ਜਵਾਬ ਦੇਣਗੇ? ਇਹ ਜ਼ਾਲਮ ਨਵਾਬ ਤੇ ਕਾਜ਼ੀ। ”
ਇਧਰ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਉਧਰ ਬੁਰਜ ਵਿੱਚ ਸਮਾਧੀ ਲਗਾ ਕੇ ਮਾਤਾ ਗੁਜਰੀ ਜੀ ਨੇ ਪ੍ਰਾਣ ਚਰਾ ਲਏ। ਸਾਹਿਬਜਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਦੇਣ ਵਾਲਾ ਸਿਪਾਹੀ ਜਦ ਬੁਰਜ ਦੇ ਉੱਪਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਮਾਤਾ ਜੀ ਤਾਂ ਸੰਸਾਰ ਤੋਂ ਅੱਗੇ ਹੀ ਕੂਚ ਕਰ ਚੁਕੇ ਹਨ।
ਉਸੇ ਰਾਤ ਹੀ ਦੀਵਾਨ ਟੋਡਰ ਮਲ, ਜੋ ਇੱਕ ਜੋਹਰੀ ਸੀ, ਨਵਾਬ ਵਜ਼ੀਰ ਖਾਨ ਕੋਲ ਪੁੱਜਾ ਤੇ ਕਹਿਣ ਲੱਗਾ, “ਨਵਾਬ ਸਾਹਿਬ, ਇਹਨਾਂ ਬੱਚਿਆਂ ਦੇ ਸਸਕਾਰ ਲਈ ਇਜਾਜ਼ਤ ਦਿੱਤੀ ਜਾਏ। ”
ਨਵਾਬ ਕਹਿਣ ਲੱਗਾ, “ਜਿੰਨੀ ਜਗ੍ਹਾ ਚਾਹੀਦੀ ਹੈ ਉਨੀ ਥਾਂ ਤੇ ਮੋਹਰਾਂ ਵਿਛਾ ਕੇ ਮੁੱਲ ਦੇਣਾ ਪਏਗਾ। ” ਦੀਵਾਨ ਟੋਡਰ ਮਲ ਨੇ, ਸੇਵਾ ਦਾ ਮੌਕਾ ਜਾਣ, ਘਰੋਂ ਜਾ ਕੇ ਮੋਹਰਾਂ ਦੀਆਂ ਥੈਲੀਆਂ ਲੈ ਆਇਆ। ਜਿੰਨੀ ਜਮੀਨ ਸਸਕਾਰ ਲਈ ਚਾਹੀਦੀ ਸੀ ਨਿਸ਼ਾਨ ਲਗਾ ਦਿੱਤਾ ਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਮੁੱਲ ਧਾਰ ਦਿੱਤਾ। ਮਾਤਾ ਗੁਜਰੀ ਜੀ ਤੇ ਦੋਹਾਂ ਸਾਹਿਬਜ਼ਾਦਿਆਂ ਦਾ ਬੜੇ ਸਤਿਕਾਰ ਨਾਲ ਸਸਕਾਰ ਕੀਤਾ ਗਿਆ। ਇੰਨੀ ਛੋਟੀ ਉਮਰ ਦੇ ਸ਼ਹੀਦਾਂ ਦੀ ਮਿਸਾਲ ਸਾਰੀ ਦੁਨੀਆ ਵਿੱਚ ਨਹੀਂ ਮਿਲਦੀ। ਸਾਹਿਬਜ਼ਾਦਾ ਜ਼ੋਰਾਵਾਰ ਸਿੰਘ ਜੀ ਦੀ ਉਮਰ ਸੱਤ ਸਾਲ ਗਿਆਰਾਂ ਮਹੀਨੇ ਸੀ ਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਸਿਰਫ ਪੰਜ ਸਾਲ ਦਸ ਮਹੀਨੇ ਦੇ ਸਨ। ਏਡੇ ਛੋਟੇ ਬੱਚਿਆਂ ਨੇ ਵੱਡੇ ਬਜ਼ੁਰਗਾਂ ਜਿਹੇ ਕਾਰਨਾਮੇ ਕਰ ਦਿਖਾਏ। ਇਸ ਲਈ ਅਸੀਂ ਉਨ੍ਹਾਂ ਨੂੰ ਬਾਬਾ ਜ਼ੋਰਾਵਾਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਕਹਿ ਕੇ ਯਾਦ ਕਰਦੇ ਹਾਂ।